” 78 ਸਾਲਾਂ ਦੀ ਆਜ਼ਾਦੀ… ਬਾਬਾ ਕਾਲਾ ਮਹਿਰ ‘ਚ ਹੋਇਆ ਇਤਿਹਾਸਕ ਜਸ਼ਨ ! “

Yuvraj Singh Aujla
9 Min Read

ਬਰਨਾਲਾ, 15 ਅਗਸਤ ਦੇਸ਼ ਦੀ ਆਜ਼ਾਦੀ ਦੀ 78 ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਕਰਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਆਈ ਏ ਐੱਸ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।

78 ਸਾਲਾਂ ਦੀ ਆਜ਼ਾਦੀ…

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਸੁਤੰਤਰਤਾ ਸੈਨਾਨੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਕਰਕੇ ਨਸੀਬ ਹੋਇਆ। ਆਜ਼ਾਦੀ ਦੀ ਲਹਿਰ ਵਿੱਚ 80 ਫੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ। ਅੱਜ ਦੇ ਦਿਨ ਮਹਾਨ ਸ਼ਹੀਦਾਂ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਸਮੇਤ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕਰਦੇ ਹਾਂ।

” ਝਾਕੀਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਹੀਆਂ ਖਿੱਚ ਦਾ ਕੇਂਦਰ

ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵਲੋਂ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਨਾਲ 90 ਫੀਸਦੀ ਖਪਤਕਾਰਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਪੰਜਾਬ ਸਰਕਾਰ ਹੁਣ ਤੱਕ 55 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਜ਼ਿਲ੍ਹਾ ਬਰਨਾਲਾ ਵਿੱਚ 14 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਵਿੱਚ ਹੁਣ ਤੱਕ 4.88 ਲੱਖ ਮਰੀਜ਼ਾਂ ਨੇ ਲਾਭ ਲਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਗਤੀਵਿਧੀਆਂ ਜਾਰੀ ਹਨ। ਨਸ਼ਾ ਮੁਕਤ ਯਾਤਰਾ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਬਣਾ ਕੇ ਜ਼ਿਲ੍ਹੇ ਦੀਆਂ 175 ਗ੍ਰਾਮ ਪੰਚਾਇਤਾਂ ਅਤੇ 85 ਵਾਰਡਾਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੀਟਿੰਗਾਂ ਕਰਵਾਈਆਂ ਗਈਆਂ ਹਨ। ਜ਼ਿਲ੍ਹੇ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਮੁਹਿੰਮ ਤਹਿਤ ਪਿਛਲੇ 5 ਮਹੀਨਿਆਂ ਦੌਰਾਨ 216 ਫਰਮਾਂ ਦੀ ਚੈਕਿੰਗ ਕਰਕੇ 6 ਫਰਮਾਂ ਦੀਆਂ 3.18 ਲੱਖ ਕੀਮਤ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ ਅਤੇ 2 ਫਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਜ਼ਿਲ੍ਹਾ ਬਰਨਾਲਾ ਨੇ ਵੀ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਕਾਰਗੁਜ਼ਾਰੀ ਦਰਜਾ ਸੂਚਕ ਅੰਕ ਵਿਚ ਜ਼ਿਲ੍ਹਾ ਬਰਨਾਲਾ ਦੇਸ਼ ਭਰ ਵਿੱਚੋਂ ਅੱਵਲ ਰਿਹਾ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਵਿਚੋਂ ਜ਼ਿਲ੍ਹਾ ਬਰਨਾਲਾ ਸੂਬੇ ਵਿਚੋਂ ਪਹਿਲੇ ਨੰਬਰ ‘ਤੇ ਰਿਹਾ।

ਸਰਕਾਰ ਵਲੋਂ 82 ਕਰੋੜ ਦੀ ਲਾਗਤ ਨਾਲ ਬਰਨਾਲਾ ਰਜਵਾਹਾ ਸਿਸਟਮ ਅਧੀਨ ਆਉਂਦੇ ਹੰਡਿਆਇਆ ਮਾਈਨਰ ਦੀ ਕੰਕਰੀਟ ਰੀਲਾਈਨਿੰਗ ਕੀਤੀ ਗਈ ਹੈ ਜਿਸ ਨਾਲ ਖੇਤਾਂ ਨੂੰ 40 ਪ੍ਰਤੀਸ਼ਤ ਵੱਧ ਨਹਿਰੀ ਪਾਣੀ ਮਿਲਣ ਲੱਗਿਆ ਹੈ। ਜ਼ਿਲ੍ਹੇ ਦੇ ਪਿੰਡ ਭੂਰੇ, ਹਰੀਗੜ੍ਹ, ਉਪਲੀ, ਬਡਬਰ, ਕੋਠੇ ਗੁਰੂ ਪਿੰਡਾਂ ਵਿਚ ਨਵੇਂ ਮੋਘੇ ਲਾਏ ਗਏ ਹਨ। ਕਰੀਬ ਸਾਢੇ 27 ਕਰੋੜ ਦੇ ਹੋਰ ਨਹਿਰੀ ਪ੍ਰੋਜੈਕਟਾਂ ਨਾਲ 27 ਪਿੰਡਾਂ ਨੂੰ 60 ਸਾਲਾਂ ਬਾਅਦ ਨਹਿਰੀ ਪਾਣੀ ਮਿਲਿਆ ਹੈ। ਖੇਡ ਨਰਸਰੀਆਂ ਅਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਜ਼ਿਲ੍ਹਾ ਬਰਨਾਲਾ ਵਿਚ ਪਹਿਲੇ ਪੜਾਅ ਵਿੱਚ ਖੇਡ ਵਿਭਾਗ ਵਲੋਂ 11 ਨਰਸਰੀਆਂ ਬਣਾਈਆਂ ਜਾ ਰਹੀਆਂ ਹਨ ਅਤੇ 10 ਕੋਚ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਵਿੱਚ 23.84 ਕਰੋੜ ਦੀ ਲਾਗਤ ਨਾਲ 94 ਨਵੇਂ ਖੇਡ ਮੈਦਾਨ ਬਣਾਏ ਜਾਣੇ ਹਨ। ਪੰਜਾਬ ਸਰਕਾਰ ਵਲੋਂ ਬੇਸਹਾਰਾ ਬਿਰਧਾਂ ਲਈ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਵਿੱਚ 8.21 ਕਰੋੜ ਦੀ ਲਾਗਤ ਨਾਲ ਬਿਰਧ ਆਸ਼ਰਮ ਖੋਲ੍ਹਿਆ ਗਿਆ ਹੈ, ਜਿੱਥੇ ਬਜ਼ੁਰਗਾਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਦਿਵਿਆਂਗ ਵਿਅਕਤੀਆਂ ਦੇ UDID ਕਾਰਡ (ਵਿਲੱਖਣ ਪਛਾਣ ਪੱਤਰ) ਬਣਾਉਣ ਵਿੱਚ ਜ਼ਿਲ੍ਹਾ ਬਰਨਾਲਾ ਸੂਬੇ ਭਰ ਵਿੱਚੋਂ ਮੋਹਰੀ ਹੈ। ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ 138 ਥਾਵਾਂ ‘ਤੇ ਰੋਜ਼ਾਨਾ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਵਿੱਚ ਪਹਿਲੇ ਪੜਾਅ ਵਿੱਚ 25 ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ ਅਤੇ 16 ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ

ਓਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ 2 ਕਰੋੜ 80 ਲੱਖ ਦੀ ਲਾਗਤ ਨਾਲ 8 ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ ਹੈ। 20 ਦੇ ਕਰੀਬ ਹੋਰ ਲਾਇਬ੍ਰੇਰੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਅਤੇ 7 ਦਾ ਕੰਮ ਪ੍ਰਗਤੀ ਅਧੀਨ ਹੈ।

ਇਸ ਦੌਰਾਨ ਪਰੇਡ ਕਮਾਂਡਰ ਡੀ ਐੱਸ ਪੀ ਬਰਨਾਲਾ ਸਤਵੀਰ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਪੰਜਾਬ ਪੁਲੀਸ ਦੀ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਸਬ ਇੰਸਪੈਕਟਰ ਪੁਨੀਤ ਕੁਮਾਰ, ਮਹਿਲਾ ਟੁਕੜੀ ਦੀ ਅਗਵਾਈ ਸਬ ਇੰਸਪੈਕਟਰ ਗਗਨਦੀਪ ਕੌਰ, ਪੰਜਾਬ ਹੋਮ ਗਾਰਡਜ਼ ਦੀ ਟੁਕੜੀ ਦੀ ਅਗਵਾਈ ਸਾਰਜੇਂਟ ਇੰਦਰਦੀਪ ਸਿੰਘ, ਐਨਸੀਸੀ ਦੀ ਪਹਿਲੀ ਐਸ ਡੀ ਕਾਲਜ ਦੀ ਟੁਕੜੀ ਦੀ ਅਗਵਾਈ ਹਰਮਨਦੀਪ ਕੌਰ, ਐੱਲ ਬੀ ਐੱਸ ਦੀ ਟੁਕੜੀ ਦੀ ਅਗਵਾਈ ਕੋਮਲਪ੍ਰੀਤ ਕੌਰ, ਜੀਜੀਐੱਸ ਸੰਘੇੜਾ ਦੀ ਟੁਕੜੀ ਦੀ ਅਗਵਾਈ ਅਕਾਸ਼ਦੀਪ ਸਿੰਘ, ਬਾਬਾ ਗਾਂਧਾ ਸਿੰਘ ਸਕੂਲ ਦੀ ਟੁਕੜੀ ਦੀ ਅਗਵਾਈ ਗੁਰਸ਼ਗਨ ਕੌਰ, ਸੈਕਰੇਡ ਹਾਰਟ ਸਕੂਲ ਦੀ ਟੁਕੜੀ ਦੀ ਅਗਵਾਈ ਮਹਿਰੀਨ ਕੌਰ, ਪੁਲੀਸ ਬੈਂਡ ਦੀ ਅਗਵਾਈ ਕੇਸਰ ਸਿੰਘ ਨੇ ਕੀਤੀ।

ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਵ੍ਹੀਲ ਚੇਅਰਾਂ ਤੇ ਟ੍ਰਾਈਸਾਈਕਲਾਂ ਦੀ ਵੰਡ

ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪੀਟੀ ਸ਼ੋਅ ਪੇਸ਼ ਕੀਤਾ ਗਿਆ। ਇਸ ਮੌਕੇ ਬੀ ਜੀ ਐਸ ਬਰਨਾਲਾ, ਟੰਡਨ ਇੰਟਰਨੈਸ਼ਨਲ ਸਕੂਲ, ਵਾਈ ਐੱਸ ਹੰਡਿਆਇਆ, ਸਰਵੋਤਮ ਅਕੈਡਮੀ ਖੁੱਡੀ ਕਲਾਂ, ਪਵਨ ਸੇਵਾ ਸੰਮਤੀ ਬਰਨਾਲਾ, ਐਮ ਟੀ ਐੱਸ ਬਰਨਾਲਾ, ਜੈ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੋਰੋਗ੍ਰਾਫੀਆਂ ਪੇਸ਼ ਕੀਤੀਆਂ। ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਵੀ ਯੋਗ ਆਸਣ ਦੀ ਪੇਸ਼ਕਾਰੀ ਦਿੱਤੀ ਗਈ। ਸ ਸ ਸ ਸਕੂਲ ਬਰਨਾਲਾ, ਐੱਲ ਬੀ ਐੱਸ ਤੇ ਸ ਸ ਸ ਸਕੂਲ ਸੰਧੂ ਪੱਤੀ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ। ਸ ਸ ਸ ਸਕੂਲ ਫਰਵਾਹੀ ਤੇ ਜੀ ਜੀ ਐੱਸ ਵਰਲਡ ਸਕੂਲ ਬਰਨਾਲਾ ਨੇ ਭੰਗੜਾ ਪੇਸ਼ ਕੀਤਾ। ਰਾਸ਼ਟਰ ਗਾਣ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਨੇ ਪੇਸ਼ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਟੀ ਬੈਨਿਥ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਧਰਮ ਪਤਨੀ ਸ੍ਰੀਮਤੀ ਸਿਮਰਨ ਵੀ ਮੌਜੂਦ ਸਨ।

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਸ. ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਮਾਰਕੀਟ ਕਮੇਟੀ ਬਰਨਾਲਾ ਸ. ਪਰਮਿੰਦਰ ਸਿੰਘ ਭੰਗੂ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੋਆਰਡੀਨੇਟਰ ਐਡਵੋਕੇਟ ਗੁਰਪ੍ਰੀਤ ਸਿੰਘ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਬਰਨਾਲਾ ਸ੍ਰੀ ਬੀ ਬੀ ਐੱਸ ਤੇਜੀ, ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਨਵੀਂ ਪਹਿਲਕਦਮੀ ਤਹਿਤ ਸਵੈ ਸੇਵੀ ਗਰੁੱਪਾਂ ਨੇ ਲਾਈਆਂ ਖਾਣੇ ਦੀਆਂ ਸਟਾਲਾਂ

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐਮ ਬਰਨਾਲਾ ਸ੍ਰੀਮਤੀ ਸੋਨਮ, ਸਹਾਇਕ ਕਮਿਸ਼ਨਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ, ਐੱਸ ਪੀ ਅਸ਼ੋਕ ਕੁਮਾਰ, ਐੱਸ ਪੀ ਰਾਜੇਸ਼ ਛਿੱਬਰ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਹਾਜ਼ਰ ਸਨ।

—–ਬਾਕਸ ਲਈ ——
ਸੈਲਫ ਹੈਲਪ ਗਰੁੱਪਾਂ ਨੇ ਲਾਈਆਂ ਖਾਣੇ ਦੀਆਂ ਸਟਾਲਾਂ

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪਹਿਲਕਦਮੀ ਕਰਦੇ ਹੋਏ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਕੇਟਰਿੰਗ ਅਤੇ ਖਾਣੇ ਦੀਆਂ ਸਟਾਲਾਂ ਦਾ ਜ਼ਿੰਮਾ ਦਿੱਤਾ ਗਿਆ। ਇਸ ਮੌਕੇ ਬਾਬਾ ਵਾਲਮੀਕਿ ਗਰੁੱਪ ਬਡਬਰ, ਸੀਰਤ ਆਜੀਵਿਕਾ ਪਿੰਡ ਸੇਖਾ, ਮਾਤਾ ਗੁਜਰੀ ਅਤੇ ਗੁਰੂ ਫ਼ਤਹਿ ਆਜੀਵਿਕਾ ਪਿੰਡ ਕਾਲੇਕੇ ਤੇ ਪੰਧੇਰ ਅਤੇ ਮਾਈ ਭਾਗੋ ਆਜੀਵਿਕਾ ਕਲੱਸਟਰ ਲੈਵਲ ਫੈਡਰੇਸ਼ਨ ਬਲਾਕ ਮਹਿਲ ਕਲਾਂ ਵਲੋਂ ਖੀਰ – ਪੂੜੇ, ਫਲਾਂ ਦੀ ਚਾਟ, ਲੱਸੀ ਆਦਿ ਸਮੇਤ ਸਥਾਨਕ ਲਜ਼ੀਜ਼ ਖਾਣਿਆਂ ਦੀਆਂ ਸਟਾਲਾਂ ਲਾਈਆਂ ਗਈਆਂ।

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *