ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਐਲਾਨ*
ਰੱਖੜੀ ਦੇ ਤਿਉਹਾਰ ਮੌਕੇ ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ
- ਅੱਗ ਬੁਝਾਊ ਸਟਾਫ ਵਿੱਚ ਮਹਿਲਾਵਾਂ ਨੂੰ ਭਰਤੀ ਕਰਨ ਲਈ ਨਿਯਮਾਂ ਵਿੱਚ ਹੋਣਗੀਆਂ ਲੋੜੀਂਦੀਆਂ ਸੋਧਾਂ
ਬਰਨਾਲਾ, 17 ਅਗਸਤ: ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦੇ ਨਾਲ-ਨਾਲ ਔਰਤਾਂ ਲਈ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ। ਅੱਜ ਇੱਥੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਬਹੁਤ ਛੇਤੀ ਇਨ੍ਹਾਂ ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ।
CM Bhagwant Mann on the Rakhi festival at Barnala

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਦਿਸਹੱਦੇ ਕਾਇਮ ਹੋਣਗੇ ਜੋ ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਬੇਹੱਦ ਸਹਾਈ ਹੋਣਗੇ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਮਨੋਰਥ ਨਾਲ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਅਤੇ ਅੱਠ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਗ ਬੁਝਾਊ ਸਟਾਫ ਵਿੱਚ ਮਹਿਲਾਵਾਂ ਦੀ ਭਰਤੀ ਲਈ ਫਿਜ਼ੀਕਲ ਟੈਸਟ ਦੇ ਮੌਜੂਦਾ ਮਾਪਦੰਡ ਬਦਲਣ ਲਈ ਨਿਯਮਾਂ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਨਿਯਮਾਂ ਨੂੰ ਬਦਲਣ ਦੀ ਕੁਝ ਵੀ ਨਹੀਂ ਕੀਤਾ ਕਿਉਂਕਿ ਇਨ੍ਹਾਂ ਸਿਆਸਤਦਾਨਾਂ ਨੂੰ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਸੀ।
ਅੱਗ ਬੁਝਾਊ ਸਟਾਫ ਵਿੱਚ ਮਹਿਲਾਵਾਂ ਨੂੰ ਭਰਤੀ ਕਰਨ ਲਈ ਨਿਯਮਾਂ ਵਿੱਚ ਹੋਣਗੀਆਂ ਲੋੜੀਂਦੀਆਂ ਸੋਧਾਂ
CM Bhagwant Mann on the Rakhi festival At Barnala City

ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅੱਗ ਬੁਝਾਊ ਸਟਾਫ ਵਿੱਚ ਲੜਕੀਆਂ ਦੀ ਭਰਤੀ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਮਰਪਿਤ ਸੜਕ ਸੁਰੱਖਿਆ ਫੋਰਸ ਕਾਇਮ ਕੀਤੀ ਹੈ ਤਾਂ ਕਿ ਸੂਬਾਈ ਤੇ ਕੌਮੀ ਸ਼ਾਹਰਾਹਾਂ ਉਤੇ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਸੁਰੱਖਿਆ ਵਧਾਈ ਜਾ ਸਕੇ। ਵਿਸ਼ੇਸ਼ ਸਿਖਲਾਈ ਪ੍ਰਾਪਤ ਨਵੇਂ ਭਰਤੀ 1597 ਮੁਲਾਜ਼ਮ ਇਸ ਫੋਰਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਮਸ਼ੀਨਰੀ ਨਾਲ ਲੈਸ 144 ਵਾਹਨ ਮੁਹੱਈਆ ਕੀਤੇ ਗਏ ਹਨ।
ਫਰਵਰੀ ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਫੋਰਸ ਪਿਛਲੇ ਸਾਲ ਦੇ ਮੁਕਾਬਲੇ ਸੜਕ ਹਾਦਸਿਆਂ ਵਿੱਚ ਲਗਭਗ 1300 ਕੀਮਤੀ ਜਾਨਾਂ ਬਚਾਅ ਚੁੱਕੀ ਹੈ। ਇਸ ਤੋਂ ਇਲਾਵਾ ਹਾਦਸਿਆਂ ਵਿੱਚ ਫੱਟੜ ਹੋਣ ਵਾਲਿਆਂ ਦੇ 90 ਲੱਖ ਰੁਪਏ ਦੀ ਕੀਮਤ ਦੇ ਰੂਪ ਵਿੱਚ ਨਕਦੀ ਅਤੇ ਵਸਤਾਂ ਨੂੰ ਸੁਰੱਖਿਅਤ ਵਾਪਸ ਕੀਤਾ ਗਿਆ ਹੈ। ਇਹ ਫੋਰਸ ਸ਼ਾਹਰਾਹਾਂ ਦੇ 4200 ਕਿਲੋਮੀਟਰ ਉਤੇ ਤਾਇਨਾਤ ਕੀਤੀ ਗਈ ਹੈ। ਆਪਣੇ ਨਿਸ਼ਚਿਤ ਕੀਤੇ ਇਲਾਕੇ ਦੀ ਗਸ਼ਤ ਕਰਨ ਦੇ ਨਾਲ-ਨਾਲ ਇਹ ਫੋਰਸ ਆਵਾਜਾਈ ਨਿਯਮਾਂ ਦੀ ਉਲੰਘਣਾ ਹੋਣ ਤੋਂ ਰੋਕਣ ਦਾ ਵੀ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸੁਪਨੇ ਸਾਕਾਰ ਲਈ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਆਪਣੇ ਜੀਵਨ ਵਿੱਚ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਸੂਬੇ ਵਿੱਚ ਨੌਜਵਾਨ ਵਤਨ ਵਾਪਸੀ ਕਰਨਗੇ ਅਤੇ ਇਸ ਦੀ ਖਾਤਰ ਉਨ੍ਹਾਂ ਦੀ ਸਰਕਾਰ ਵੱਡੇ ਯਤਨ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਸੁਹਿਰਦ ਯਤਨਾਂ ਦੇ ਉਸਾਰੂ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਸਾਡੇ ਨੌਜਵਾਨ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ,
CM Bhagwant Mann on the Rakhi festival At Barnala City

“ ਮੇਰੇ ਮਨ ਨੂੰ ਬਹੁਤ ਤਸੱਲੀ ਹੈ ਕਿ ਇਸ ਵਾਰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਦਾਖ਼ਲੇ ਲੈਣ ਲਈ ਨੌਜਵਾਨਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਤੋਂ ਸਾਡੀਆਂ ਲੋਕ ਭਲਾਈ ਨੀਤੀਆਂ ਦੀ ਝਲਕ ਦਾ ਪ੍ਰਗਟਾਵਾ ਹੁੰਦਾ ਹੈ ਜਿਸ ਕਰਕੇ ਨੌਜਵਾਨਾਂ ਵਿੱਚ ਵਤਨ ਵਾਪਸੀ ਦੀ ਸ਼ੁਰੂਆਤ ਦੇਖੀ ਜਾ ਸਕਦੀ ਹੈ। ”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਣਥੱਕ ਮਿਹਨਤ ਕਰ ਰਹੀ ਹੈ ਕਿਉਂਕਿ ਸੂਬਾ ਵਾਸੀਆਂ ਨੇ ਉਨ੍ਹਾਂ ਵਿੱਚ ਅਥਾਹ ਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਪਿਛਲੇ ਹੁਕਮਰਾਨਾਂ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ, ਜਿਸ ਕਾਰਨ ਸੂਬਾ ਵਾਸੀ ਨਿਰਾਸ਼ ਹੋ ਗਏ ਸਨ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸੂਝਵਾਨ ਅਤੇ ਬਹਾਦਰ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ, ਜੋ ਹੁਣ ਸਿਆਸੀ ਗੁਮਨਾਮੀ ਵਿੱਚ ਚਲੇ ਗਏ ਹਨ ਅਤੇ ਸਿਆਸੀ ਪਾਰਟੀਆਂ ਧੜੇਬੰਦੀ ਦੀਆਂ ਸ਼ਿਕਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 44700 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਸਮੁੱਚੀ ਭਰਤੀ ਨਿਰੋਲ ਮੈਰਿਟ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਵਿੱਚ ਨੌਜਵਾਨਾਂ ਦਾ ਵਿਸ਼ਵਾਸ ਵਧਿਆ ਹੈ, ਜਿਸ ਕਰਕੇ ਉਹ ਵਿਦੇਸ਼ ਜਾਣ ਦਾ ਇਰਾਦਾ ਛੱਡ ਕੇ ਇਥੇ ਰਹਿ ਕੇ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਵਾਸਤੇ ਅੱਠ ਹਾਈ-ਟੈਕ ਕੋਚਿੰਗ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਦੀ ਸਿਖਲਾਈ ਪ੍ਰਦਾਨ ਕਰੇਗੀ ਤਾਂ ਕਿ ਸਾਡੇ ਨੌਜਵਾਨ ਸੂਬੇ ਅਤੇ ਦੇਸ਼ ਵਿੱਚ ਨਾਮਵਰ ਅਹੁਦਿਆਂ ‘ਤੇ ਸੇਵਾ ਨਿਭਾਅ ਸਕਣ।
‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਵਿੱਚ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਉੱਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਚੰਡੀਗੜ੍ਹ ਦੇ ਗੇੜੇ ਨਹੀਂ ਲਾਉਣੇ ਪੈਂਦੇ ਕਿਉਂਕਿ ਸਰਕਾਰ ਖੁਦ ਉਨ੍ਹਾਂ ਕੋਲ ਆ ਕੇ ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹਾ ਕਦਮ ਨਹੀਂ ਚੁੱਕਿਆ ਗਿਆ।
CM Bhagwant Mann on the Rakhi festival At Barnala City Gifts To Women

ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋ ਰਿਹਾ ਹੈ, ਸਗੋਂ ਸੂਬਾ ਸਰਕਾਰ ਦੀਆਂ ਨੀਤੀਆਂ ਸਬੰਧੀ ਜ਼ਮੀਨੀ ਪੱਧਰ ਦੀ ਫੀਡਬੈਕ ਹਾਸਲ ਕਰਨ ਦਾ ਢੁਕਵਾਂ ਮੰਚ ਸਾਬਤ ਹੋ ਰਿਹਾ ਹੈ।
ਰੱਖੜੀ ਦੇ ਪਵਿੱਤਰ ਤਿਉਹਾਰ ਦੀ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਭੈਣ-ਭਰਾ ਦੀ ਗੂੜੀ ਮੁਹੱਬਤ, ਆਪਸੀ ਸਾਂਝ ਅਤੇ ਭੈਣਾਂ ਦੀ ਰਾਖੀ ਕਰਨ ਦੇ ਵਚਨ ਦਾ ਪਵਿੱਤਰ ਤਿਉਹਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਸਾਰਿਆਂ ਲਈ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦੀਆਂ ਰਵਾਇਤੀ ਸਮਾਜਿਕ ਕਦਰਾਂ-ਕੀਮਤਾਂ ਵਾਲਾ ਖੁਸ਼ੀਆਂ ਭਰਿਆ ਮੌਕਾ ਹੈ ਜੋ ਸਾਨੂੰ ਬਿਹਤਰ ਮਨੁੱਖ ਬਣਾਉਂਦਾ ਹੈ।
ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਰੱਖੜੀ ਦਾ ਤਿਉਹਾਰ ਪੂਰੇ ਧੂਮ-ਧਾਮ ਨਾਲ ਮਨਾਉਣ ਦਾ ਸੱਦਾ ਦਿੰਦਿਆਂ ਕਾਮਨਾ ਕੀਤੀ ਕਿ ਇਹ ਤਿਉਹਾਰ ਸਮਾਜ ਵਿੱਚ ਆਪਸੀ ਪਿਆਰ ਅਤੇ ਸਦਭਾਵਨਾ ਲੈ ਕੇ ਆਵੇ। ਇਸ ਮੌਕੇ ਨਵ-ਨਿਯੁਕਤ ਸੁਪਰਵਾਈਜ਼ਰ ਨਵਦੀਪ ਕੌਰ ਨੇ ਸਰਕਾਰੀ ਨੌਕਰੀ ਦੇਣ ਮੌਕੇ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੌਕਰੀ ਨਾਲ ਉਸ ਦਾ ਅਤੇ ਮਾਪਿਆਂ ਦਾ ਸੁਪਨਾ ਸਾਕਾਰ ਹੋਇਆ ਹੈ।
ਨਵਦੀਪ ਕੌਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੌਜੂਦਾ ਸ਼ਾਸਨ ਦੌਰਾਨ ਉਸ ਨੂੰ ਹੀ ਨਹੀਂ ਸਗੋਂ ਉਸ ਦੇ ਭਰਾ ਨੂੰ ਵੀ ਸਰਕਾਰੀ ਨੌਕਰੀ ਮਿਲੀ ਹੈ। ਰੱਖੜੀ ਦੇ ਤਿਉਹਾਰ ਮੌਕੇ ਨਵਦੀਪ ਕੌਰ ਨੇ ਧੰਨਵਾਦ ਵਜੋਂ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਰੱਖੜੀ ਵੀ ਬੰਨ੍ਹੀ। ਇਸ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ, ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ।